ਪ੍ਰੈਸ ਰਿਲੀਜ਼ ਜੁਲਾਈ 2026 (Press Releases July,2026)
ਪੰਜਾਬੀ ਯੂਨੀਵਰਸਿਟੀ ਵਿਖੇ 'ਸਮਾਰਟ ਸ਼ਨਾਖਤੀ-ਕਮ-ਲਾਇਬ੍ਰੇਰੀ ਕਾਰਡ' ਸਕੀਮ ਦਾ ਕੀਤਾ ਗਿਆ ਉਦਘਾਟਨ
ਪਟਿਆਲਾ, 06 ਜੁਲਾਈ -
ਪੰਜਾਬੀ ਯੂਨੀਵਰਸਿਟੀ ਨੂੰ ਡਿਜੀਟਲ ਤੌਰ 'ਤੇ ਵਧੇਰੇ ਸਰਗਰਮ ਅਤੇ ਆਧੁਨਿਕ ਬਣਾਉਣ ਦੇ ਮਕਸਦ ਨਾਲ਼ ਉਪ-ਕੁਲਪਤੀ ਡਾ. ਜਗਦੀਪ ਸਿੰਘ ਵੱਲੋਂ ਅੱਜ 'ਸਮਾਰਟ ਸ਼ਨਾਖਤੀ-ਕਮ-ਲਾਇਬ੍ਰੇਰੀ ਕਾਰਡ' ਸਕੀਮ ਦਾ ਉਦਘਾਟਨ ਕੀਤਾ ਗਿਆ।
ਉਨ੍ਹਾਂ ਇਸ ਮੌਕੇ ਬੋਲਦਿਆਂ ਕਿਹਾ ਕਿ ਇਸ ਨਵੀਂ ਪਹਿਲਕਦਮੀ ਦਾ ਮੁੱਖ ਉਦੇਸ਼ ਕੈਂਪਸ ਵਿੱਚ ਇੱਕ ਸੁਰੱਖਿਅਤ, ਆਧੁਨਿਕ ਅਤੇ ਸਰਲ ਸ਼ਨਾਖਤੀ ਪ੍ਰਣਾਲੀ ਲਾਗੂ ਕਰਨਾ ਹੈ, ਜਿਸ ਨਾਲ਼ ਯੂਨੀਵਰਸਿਟੀ ਦੀਆਂ ਵੱਖ-ਵੱਖ ਸੇਵਾਵਾਂ ਤੱਕ ਪਹੁੰਚ ਆਸਾਨ ਹੋ ਸਕੇਗੀ। ਉਨ੍ਹਾਂ ਕਿਹਾ ਕਿ ਇਹ ਸਮਾਰਟ ਕਾਰਡ ਯੂਨੀਵਰਸਿਟੀ ਨੂੰ ਡਿਜੀਟਲ ਗਵਰਨੈਂਸ ਵੱਲ ਲੈ ਕੇ ਜਾਣ ਲਈ ਇੱਕ ਮੀਲ ਪੱਥਰ ਸਾਬਤ ਹੋਵੇਗਾ ਜਿਸ ਨਾਲ਼ ਕੈਂਪਸ ਦੀਆਂ ਸੇਵਾਵਾਂ ਵਿੱਚ ਪਾਰਦਰਸ਼ਤਾ, ਸੁਰੱਖਿਆ ਅਤੇ ਕੁਸ਼ਲਤਾ ਆਵੇਗੀ ਅਤੇ ਇਸ ਦਾ ਸਿੱਧਾ ਫਾਇਦਾ ਯੂਨੀਵਰਸਿਟੀ ਨਾਲ਼ ਜੁੜੇ ਸਮੁੱਚੇ ਭਾਈਚਾਰੇ ਨੂੰ ਮਿਲੇਗਾ।
ਉਨ੍ਹਾਂ ਦੱਸਿਆ ਕਿ ਇਹ ਇੱਕੋ ਕਾਰਡ ਯੂਨੀਵਰਸਿਟੀ ਦੇ ਆਈ-ਕਾਰਡ ਅਤੇ ਲਾਇਬ੍ਰੇਰੀ ਕਾਰਡ ਦੋਵਾਂ ਦਾ ਕੰਮ ਕਰੇਗਾ, ਜਿਸ ਨਾਲ਼ ਕਾਗਜ਼ੀ ਕਾਰਵਾਈ ਘਟੇਗੀ ਅਤੇ ਕੈਂਪਸ ਨੂੰ ਵੱਡੀ ਸਹੂਲਤ ਮਿਲੇਗੀ। ਇਸ ਕਾਰਡ ਰਾਹੀਂ ਕਿਤਾਬਾਂ ਦਾ ਅਦਾਨ-ਪ੍ਰਦਾਨ ਅਤੇ ਲਾਇਬ੍ਰੇਰੀ ਮੈਂਬਰਸ਼ਿਪ ਦੀ ਤੁਰੰਤ ਜਾਂਚ ਬਿਨਾਂ ਕਿਸੇ ਦੇਰੀ ਦੇ ਹੋ ਸਕੇਗੀ। ਭਵਿੱਖ ਦੀਆਂ ਲੋੜਾਂ ਨੂੰ ਮੁੱਖ ਰਖਦਿਆਂ ਇਸੇ ਸਮਾਰਟ ਕਾਰਡ ਨੂੰ ਅਕਾਦਮਿਕ ਬਲਾਕਾਂ, ਲੈਬਾਂ, ਹੋਸਟਲਾਂ ਵਿੱਚ ਐਂਟਰੀ, ਹਾਜ਼ਰੀ ਪ੍ਰਣਾਲੀ, ਪ੍ਰੀਖਿਆ ਸੇਵਾਵਾਂ ਅਤੇ ਯੂਨੀਵਰਸਿਟੀ ਦੇ ਹੋਰ ਸਮਾਗਮਾਂ ਨਾਲ਼ ਵੀ ਪੜਾਅਵਾਰ ਜੋੜਿਆ ਜਾਵੇਗਾ।
ਯੂਨੀਵਰਸਿਟੀ ਦੇ ਵਿਦਿਆਰਥੀਆਂ, ਖੋਜਾਰਥੀਆਂ, ਅਧਿਆਪਕਾਂ, ਅਧਿਕਾਰੀਆਂ ਅਤੇ ਕਰਮਚਾਰੀਆਂ ਲਈ ਸ਼ੁਰੂ ਕੀਤਾ ਇਹ ਅਹਿਮ ਪ੍ਰੋਜੈਕਟ ਭਾਈ ਕਾਨ੍ਹ ਸਿੰਘ ਨਾਭਾ ਲਾਇਬ੍ਰੇਰੀ ਦੇ ਇੰਚਾਰਜ ਡਾ. ਅਮਿਤ ਮਿੱਤਲ ਵੱਲੋਂ ਕੇਂਦਰੀ ਦਾਖ਼ਲਾ ਸੈੱਲ ਦੇ ਕੋਆਰਡੀਨੇਟਰ ਪ੍ਰੋ. ਗੁਲਸ਼ਨ ਬਾਂਸਲ ਦੇ ਸਹਿਯੋਗ ਨਾਲ਼ ਤਿਆਰ ਅਤੇ ਲਾਗੂ ਕੀਤਾ ਗਿਆ ਹੈ। ਇਸ ਦਾ ਮਕਸਦ ਲਾਇਬ੍ਰੇਰੀ ਸੇਵਾਵਾਂ ਨੂੰ ਡਿਜੀਟਲ ਤਕਨੀਕ ਨਾਲ ਜੋੜਨਾ ਅਤੇ ਯੂਨੀਵਰਸਿਟੀ ਦੇ ਡਿਜੀਟਲ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨਾ ਹੈ।
ਲਾਇਬ੍ਰੇਰੀ ਇੰਚਾਰਜ ਡਾ. ਅਮਿਤ ਮਿੱਤਲ ਨੇ ਦੱਸਿਆ ਕਿ ਇਹ ਸਿਸਟਮ ਗੈਰ-ਅਧਿਕਾਰਤ ਵਿਅਕਤੀਆਂ ਦੀ ਪਛਾਣ ਕਰ ਕੇ ਕੈਂਪਸ ਦੀ ਸੁਰੱਖਿਆ ਨੂੰ ਮਜ਼ਬੂਤ ਕਰੇਗਾ ਅਤੇ ਕਾਗਜ਼ ਦੀ ਵਰਤੋਂ ਘਟਾ ਕੇ ਵਾਤਾਵਰਨ ਸੰਭਾਲ ਵਿੱਚ ਯੋਗਦਾਨ ਪਾਵੇਗਾ।
ਇਸ ਉਦਘਾਟਨੀ ਸਮਾਗਮ ਦੌਰਾਨ ਡੀਨ ਅਕਾਦਮਿਕ ਮਾਮਲੇ ਪ੍ਰੋ. ਜਸਵਿੰਦਰ ਸਿੰਘ ਬਰਾੜ, ਰਜਿਸਟਰਾਰ ਪ੍ਰੋ. ਦਵਿੰਦਰਪਾਲ ਸਿੰਘ ਸਿੱਧੂ, ਵਿੱਤ ਅਫ਼ਸਰ ਪ੍ਰੋ. ਬੀ. ਬੀ. ਸਿੰਗਲਾ, ਡੀਨ ਖੋਜ ਪ੍ਰੋ. ਰੀਤੂ ਲਹਿਲ, ਐਸੋਸੀਏਟ ਡੀਨ ਖੋਜ ਪ੍ਰੋ. ਮਿਨੀ ਸਿੰਘ ਅਤੇ ਡਾਇਰੈਕਟਰ ਯੋਜਨਾ ਤੇ ਨਿਰੀਖਣ ਪ੍ਰੋ. ਸੁਖਜੀਤ ਕੌਰ ਸਮੇਤ ਯੂਨੀਵਰਸਿਟੀ ਦੇ ਹੋਰ ਸੀਨੀਅਰ ਅਧਿਕਾਰੀ ਵੀ ਮੌਜੂਦ ਰਹੇ।
ਪੰਜਾਬੀ ਯੂਨੀਵਰਸਿਟੀ ਵਿਖੇ 'ਭਾਰਤੀ ਹਥਿਆਰਬੰਦ ਸੈਨਾਵਾਂ ਵਿੱਚ ਅਗਰਵਾਲ ਸਮਾਜ ਦਾ ਯੋਗਦਾਨ' ਵਿਸ਼ੇ 'ਤੇ ਵਿਸ਼ੇਸ਼ ਭਾਸ਼ਣ ਕਰਵਾਇਆ
ਪਟਿਆਲਾ, 1 ਜੁਲਾਈ -
ਪੰਜਾਬੀ ਯੂਨੀਵਰਸਿਟੀ ਦੀ ਮਹਾਰਾਜਾ ਅਗਰਸੈਨ ਚੇਅਰ ਵੱਲੋਂ ਅੱਜ ਯੂਨੀਵਰਸਿਟੀ ਦੇ ਸੈਨੇਟ ਹਾਲ ਵਿਖੇ 'ਭਾਰਤੀ ਹਥਿਆਰਬੰਦ ਸੈਨਾਵਾਂ ਵਿੱਚ ਅਗਰਵਾਲ ਸਮਾਜ ਦਾ ਯੋਗਦਾਨ' ਵਿਸ਼ੇ 'ਤੇ ਇੱਕ ਵਿਸ਼ੇਸ਼ ਭਾਸ਼ਣ ਕਰਵਾਇਆ ਗਿਆ। ਇਸ ਸਮਾਗਮ ਵਿੱਚ ਯੂਨੀਵਰਸਿਟੀ ਦੇ ਉੱਚ ਅਧਿਕਾਰੀਆਂ, ਖੋਜਾਰਥੀਆਂ ਅਤੇ ਵਿਦਿਆਰਥੀਆਂ ਨੇ ਵੱਡੀ ਗਿਣਤੀ ਵਿੱਚ ਸ਼ਿਰਕਤ ਕੀਤੀ।
ਪ੍ਰੋਗਰਾਮ ਦੌਰਾਨ ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਉਪ-ਕੁਲਪਤੀ
ਡਾ. ਜਗਦੀਪ ਸਿੰਘ ਨੇ ਅਗਰਵਾਲ ਸਮਾਜ ਦੇ ਦੇਸ਼-ਭਗਤੀ ਦੇ ਜਜ਼ਬੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਮਹਾਰਾਜਾ ਅਗਰਸੈਨ ਜੀ ਦੇ ਸਿਧਾਂਤਾਂ 'ਤੇ ਚੱਲਣ ਵਾਲਾ ਅਗਰਵਾਲ ਸਮਾਜ ਨਾ ਸਿਰਫ਼ ਵਪਾਰ ਅਤੇ ਅਰਥਵਿਵਸਥਾ ਦੇ ਖੇਤਰ ਵਿੱਚ ਦੇਸ਼ ਦੀ ਰੀੜ੍ਹ ਦੀ ਹੱਡੀ ਰਿਹਾ ਹੈ, ਬਲਕਿ ਭਾਰਤੀ ਹਥਿਆਰਬੰਦ ਸੈਨਾਵਾਂ ਵਿੱਚ ਵੀ ਇਸ ਸਮਾਜ ਦੇ ਸੂਰਬੀਰਾਂ ਨੇ ਆਪਣੀ ਬਹਾਦਰੀ ਅਤੇ ਕੁਰਬਾਨੀ ਨਾਲ ਦੇਸ਼ ਦੀ ਆਨ ਅਤੇ ਸ਼ਾਨ ਦੀ ਰੱਖਿਆ ਕੀਤੀ ਹੈ। ਉਨ੍ਹਾਂ ਕਿਹਾ ਕਿ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਅਜਿਹੇ ਗੌਰਵਮਈ ਇਤਿਹਾਸ ਤੋਂ ਪ੍ਰੇਰਨਾ ਲੈ ਕੇ ਦੇਸ਼ ਦੀ ਸੇਵਾ ਲਈ ਹਮੇਸ਼ਾ ਤਿਆਰ ਰਹਿਣਾ ਚਾਹੀਦਾ ਹੈ। ਉਨ੍ਹਾਂ ਖੁਸ਼ੀ ਪ੍ਰਗਟਾਈ ਕਿ ਪੰਜਾਬੀ ਯੂਨੀਵਰਸਿਟੀ ਦੀ ਮਹਾਰਾਜਾ ਅਗਰਸੈਨ ਚੇਅਰ ਅਜਿਹੇ ਖੋਜ ਭਰਪੂਰ ਅਤੇ ਰਾਸ਼ਟਰ-ਨਿਰਮਾਣ ਵਾਲੇ ਵਿਸ਼ਿਆਂ 'ਤੇ ਸੰਵਾਦ ਰਚਾ ਕੇ ਸ਼ਲਾਘਾਯੋਗ ਕੰਮ ਕਰ ਰਹੀ ਹੈ।
ਮੁੱਖ ਬੁਲਾਰੇ ਕੈਪਟਨ ਕਮਲ ਕਿਸ਼ੋਰ ਬਾਂਸਲ, ਜੋ ਕਿ ਹਰਿਆਣਾ ਸਰਕਾਰ ਵਿੱਚ ਸਾਬਕਾ ਐਗਜ਼ੀਕਿਊਟਿਵ ਡਾਇਰੈਕਟਰ ਰਹਿ ਚੁੱਕੇ ਹਨ, ਨੇ ਆਪਣੇ ਭਾਸ਼ਣ ਵਿੱਚ ਫ਼ੌਜ ਵਿੱਚ ਅਗਰਵਾਲ ਸਮਾਜ ਦੇ ਅਧਿਕਾਰੀਆਂ ਅਤੇ ਜਵਾਨਾਂ ਦੇ ਇਤਿਹਾਸਕ ਯੋਗਦਾਨ ਬਾਰੇ ਅਹਿਮ ਤੱਥ ਸਾਂਝੇ ਕੀਤੇ। ਉਨ੍ਹਾਂ ਵੱਖ-ਵੱਖ ਜੰਗਾਂ ਦੇ ਇਤਿਹਾਸਿਕ ਹਵਾਲੇ, ਅੰਕੜੇ ਅਤੇ ਅਹਿਮ ਵੇਰਵੇ ਸਾਂਝੇ ਕਰਦਿਆਂ ਦੱਸਿਆ ਕਿ ਕਿਵੇਂ ਇਸ ਸਮਾਜ ਦੇ ਯੋਧਿਆਂ ਨੇ ਦੇਸ਼ ਦੀ ਰੱਖਿਆ ਲਈ ਆਪਣੀਆਂ ਜਾਨਾਂ ਵਾਰੀਆਂ ਹਨ। ਉਨ੍ਹਾਂ ਵੱਧ ਤੋਂ ਵੱਧ ਨੌਜਵਾਨਾਂ ਨੂੰ ਦੇਸ਼ ਸੇਵਾ ਅਤੇ ਪ੍ਰਸ਼ਾਸਨਿਕ ਸੇਵਾਵਾਂ ਵਿੱਚ ਅੱਗੇ ਆਉਣ ਲਈ ਪ੍ਰੇਰਿਤ ਕੀਤਾ।
ਯੂਨੀਵਰਸਿਟੀ ਦੇ ਵਿੱਤ ਅਫ਼ਸਰ ਪ੍ਰੋ. ਬੀ. ਬੀ. ਸਿੰਗਲਾ ਨੇ ਮਹਾਰਾਜਾ ਅਗਰਸੈਨ ਚੇਅਰ ਦੇ ਉਦੇਸ਼ਾਂ ਅਤੇ ਗਤੀਵਿਧੀਆਂ ਬਾਰੇ ਚਾਨਣਾ4 ਪਾਇਆ। ਚੇਅਰ ਦੇ ਇੰਚਾਰਜ ਪ੍ਰੋ. ਪ੍ਰਮੋਦ ਕੁਮਾਰ ਅਗਰਵਾਲ ਨੇ ਮਹਾਰਾਜਾ ਅਗਰਸੈਨ ਜੀ ਦੇ ਜੀਵਨ, ਉਨ੍ਹਾਂ ਦੀਆਂ ਸਮਾਜਵਾਦੀ ਸਿੱਖਿਆਵਾਂ ਅਤੇ ਮਹਿਮਾਨਾਂ ਬਾਰੇ ਜਾਣ-ਪਛਾਣ ਸਾਂਝੀ ਕੀਤੀ।
ਸਮਾਗਮ ਦੇ ਅਖੀਰ ਵਿੱਚ ਡੀਨ ਅਕਾਦਮਿਕ ਮਾਮਲੇ ਪ੍ਰੋ. ਜਸਵਿੰਦਰ ਸਿੰਘ ਬਰਾੜ ਵੱਲੋਂ ਧੰਨਵਾਦੀ ਭਾਸ਼ਣ ਦਿੱਤਾ ਗਿਆ। ਸਮਾਗਮ ਦੇ ਸ਼ੁਰੂਆਤੀ ਪੜਾਅ ਵਿੱਚ ਡਾ. ਜਯੋਤੀ ਨੇ ਚੇਅਰ ਦੇ ਇਸ ਵਿਸ਼ੇਸ਼ ਪ੍ਰੋਗਰਾਮ ਦੀ ਰੂਪਰੇਖਾ ਅਤੇ ਮਹੱਤਵ ਬਾਰੇ ਜਾਣਕਾਰੀ ਦਿੱਤੀ।
ਇਸ ਸਮਾਗਮ ਦੌਰਾਨ ਸੀ.ਏ. ਦੀ ਪ੍ਰੀਖਿਆ ਵਿੱਚੋਂ ਦੇਸ਼ ਭਰ ਵਿੱਚੋਂ ਪਹਿਲਾ ਰੈਂਕ ਪ੍ਰਾਪਤ ਕਰਨ ਵਾਲੇ ਨੂਰ ਸਿੰਗਲਾ ਅਤੇ ਪੰਜ ਵਾਰ ਰਾਸ਼ਟਰਪਤੀ ਅਵਾਰਡ ਅਤੇ ਕਈ ਵਾਰ ਸਟੇਟ ਅਵਾਰਡ ਹਾਸਲ ਕਰ ਚੁੱਕੇ ਡਾ. ਹੇਮ ਰਾਜ ਗੋਇਲ ਨੂੰ ਸਮਾਜ ਪ੍ਰਤੀ ਉਨ੍ਹਾਂ ਦੇ ਬਹੁਮੁੱਲੇ ਯੋਗਦਾਨ ਲਈ ਸਨਮਾਨਿਤ ਕੀਤਾ ਗਿਆ।
Contact Us:
Dr. Harminder Singh Khokhar
Director, Public Relations